Monday, May 31, 2010

Writing Contest JUNE 2010

ਵਿਸ਼ਾ :- "ਰੁੱਤ "

ਰੁੱਤ ਉਡੀਕਾਂ ਵਾਲੀ ਸੱਜਣਾ,ਰਾਹੀਂ ਦੀਵੇ ਬਾਲੇ
ਅੱਖੀਆਂ ਵਿੱਚ ਉਨੀਂਦਰ ਰੜਕੇ,ਰੋ-ਰੋ ਦੀਦੇ ਗਾਲੇ

ਵਸਲ ਦੀ ਰੁੱਤੇ ਦਿਲ ਦੇ ਬਾਗੀਂ,ਖਿੜੇ ਜਦੋਂ ਫੁੱਲ ਸਾਰੇ
ਹਿਜਰ ਦੀ ਪਤਝੜ ਦਿਨੇ-ਦਿਹਾੜੇ,ਆ ਕੇ ਡਾਕੇ ਮਾਰੇ

ਯਾਦ ਤੇਰੀ ਦੀ ਰੁੱਤੇ ਆ ਕੇ,ਪੀਂਘਾ ਝੂਟਣ ਪੀੜਾਂ
ਰੇਤ ਦੇ ਉੱਤੇ ਨਕਸ਼ ਬਣਾ ਕੇ,ਨਿੱਤ ਮੈਂ ਤੇਰੇ ਸੀੜਾਂ

ਹੰਝੂਆਂ ਦੀ ਰੁੱਤ ਰੁਕੇ ਨਾ ਪਾਣੀ,ਬੰਨ ਪਲਕਾਂ ਦੇ ਮਾਰੇ,
ਤੇਜ਼ ਵਹਾ ਵਿੱਚ ਰੁੜਦੇ ਜਾਵਣ,ਸੁੱਚੇ ਮੋਤੀ ਖਾਰੇ

ਹਾਸਿਆਂ ਦੀ ਰੁੱਤ ਰੁੱਸੀ ਸਾਥੋਂ,ਚੁਪਕੇ ਜਿਹੇ ਲੰਘ ਜਾਵੇ,
ਕੱਢਣ ਜਾਵੇ ਪੈੜ ਖਾਮੋਸ਼ੀ,ਖਾਲੀ ਹੱਥ ਮੁੜ ਆਵੇ

ਦੀਦ ਤੇਰੀ ਦੀ ਰੁੱਤ ਨਾ ਆਈ,ਸੁੱਖੇ ਮੰਨ ਬਥੇਰੇ
ਰਿਸਣ ਬਿਆਈਆਂ ਪੈਰੀਂ ਵੇ ਹੁਣ,ਰਹੀ ਨਾ ਵਸ ਦੀ ਮੇਰੇ।

ਹਰਮਨ ੨੯-੦੫-੨੦੧੦

Saturday, May 1, 2010

Writing Contest May 2010

ਸਰਹੱਦ
.

ਕੋਈ ਐਸੀ ਜੁਗਤ ਬਣਾਈਏ ਇਹ ਤਾਲੇ ਦਈਏ ਖੋਲ
ਇੱਕ-ਮਿਕ ਹੋ ਕੇ ਫੇਰ ਤੋਂ,ਅਸੀਂ ਸਾਂਝੇ ਕਰੀਏ ਬੋਲ

ਬਾਗ ਲਗਈਏ ਮੋਹ ਦੇ ਤੇ ਵਾਹੀਏ ਪਿਆਰ ਦੇ ਖੇਤ
ਲੋਹ-ਤਾਰਾਂ ਨੂੰ ਪੁੱਟ ਕੇ ਅਸੀਂ ਦੇਈਏ ਇਹ ਵਿਥ ਮੇਟ
ਪਿੱਪਲ ਬੋਹੜ ਲਗਈਏ ਜਿਥੇ ਪੰਛੀ ਕਰਨ ਕਲੋਲ,ਇੱਕ-ਮਿਕ ਹੋ ਕੇ...

ਰਲ-ਮਿਲ ਈਦ ਮਨਾਈਏ ਤੇ ਮੰਗੀਏ ਸਭ ਦੀ ਖੈਰ
ਗਲ ਲੱਗੀਏ ਦਿਵਾਲੀ ਨੂੰ, ਅਸੀਂ ਭੁੱਲ ਕੇ ਸਾਰੇ ਵੈਰ
ਹੋਲੀ ਵਾਲੇ ਰੰਗ ਵੀ, ਸਭ ਉੱਤੇ ਦਈਏ ਡੋਲ, ਇੱਕ-ਮਿਕ ਹੋ ਕੇ...

ਪਾਣੀ ਪੰਜ ਦਰਿਆਵਾਂ ਦਾ ਹੈ ਕਿਹੜੀ ਹੱਦ ਵਿੱਚ ਬੰਨਣਾ
ਅੰਬਰ , ਤਾਰੇ, ਪੌਣ ਨੇ ਕਿਹੜੀ ਸਰਹੱਦ ਨੂੰ ਮੰਨਣਾ
ਆਓ ਰਲ-ਮਿਲ ਸਾਂਭੀਏ , ਇਹ ਕਾਇਨਾਤ ਅਨਮੋਲ, ਇੱਕ-ਮਿਕ ਹੋ ਕੇ...

-ਰੇਨੂੰ-