Friday, December 31, 2010

Writing Contest JAN. 2011

ਵਿਸ਼ਾ :- "ਨਵਾਂ ਸਾਲ"

ਹੈ ਸਾਲ ਨਵਾਂ ਆਇਆ , ਖਿੜਨਾ ਵੀ ਲਾਜ਼ਮੀ ਹੈ
ਖੂਹ ਬਣ ਕੇ ਪਹਿਲਾਂ ਵਾਂਗਰ, ਗਿੜਨਾ ਵੀ ਲਾਜ਼ਮੀ ਹੈ

ਸਭ ਪਾਸੇ ਹੋਵੇ ਚਾਨਣ, ਹਰ ਖੁਸ਼ੀ ਲੋਕ ਮਾਨਣ
ਸਾਂਝਾਂ ਤੇ ਪਿਆਰਾਂ ਦਾ ਵੀ, ਇਹਸਾਸ ਲੋਕ ਜਾਨਣ
ਆਵੇ ਜੇ ਆਨ ਉੱਤੇ, ਖੇਡ ਜਾਣਾ ਜਾਨ ਉੱਤੇ
ਹਾਕਮ ਹਕੂਮਤਾਂ ਨਾ' , ਭਿੜਨਾ ਵੀ ਲਾਜ਼ਮੀ ਹੈ

ਚਾਨਣ ਦੇ ਦੂਤ ਬਣਨਾ,ਪੁਤਰੋ ਸਪੂਤ ਬਣਨਾ
ਬੋਲੀ ਦੇ ਪਰਚਮਾਂ ਦੇ ,ਪੱਕੇ ਸਬੂਤ ਬਣਨਾ
ਬਿਰਤੀ ਦੀ ਗਲ ਵੀ ਕਰਨਾ, ਕਿਰਤੀ ਦੀ ਗਲ ਵੀ ਕਰਨਾ
ਪਥਰਾਂ ਦਾ ਸ਼ੀਸ਼ਾ ਬਣ ਕੇ , ਤਿੜਨਾ ਵੀ ਲਾਜ਼ਮੀ ਹੈ

ਹੈ ਸਾਲ ਨਵਾਂ ਆਇਆ , ਖਿੜਨਾ ਵੀ ਲਾਜ਼ਮੀ ਹੈ
ਖੂਹ ਬਣ ਕੇ ਪਹਿਲਾਂ ਵਾਂਗਰ, ਗਿੜਨਾ ਵੀ ਲਾਜ਼ਮੀ ਹੈ

................ਗੁਰਪ੍ਰੀਤ ਮਾਨ (੨੯/੧੨/੨੦੧੦)

Friday, December 3, 2010

Writing Contest DECEMBER, 2010

ਵਿਸ਼ਾ :- "ਮੌਸਮ "

ਇਕਨਾ ਮੌਸਮ ਭੋਲਾ ਭਾਲਾ,
ਇਕਨਾ ਮੌਸਮ ਕਿਰਤੀ ਵਾਲਾ |

ਇਕਨਾ ਮੌਸਮ ਜੋਸ਼ ਜਵਾਨੀ,
ਇਕਨਾ ਮੌਸਮ ਉਮਰ ਸਿਆਣੀ |

ਇਕਨਾ ਮੌਸਮ ਹੁਸਨਾ-ਰਾਣੀ ,
ਇਕਨਾ ਮੌਸਮ ਦਰਦ ਕਹਾਣੀ|

ਇਕਨਾ ਮੌਸਮ ਖੁਸ਼ੀਆਂ ਖੇੜੇ,
ਇਕਨਾ ਮੌਸਮ ਝਗੜੇ ਝੇੜੇ|

ਇਕਨਾ ਮੌਸਮ ਹਿਜਰ-ਮਿਲਾਪ,
ਇਕਨਾ ਮੌਸਮ ਸੁੱਖ-ਸੰਤਾਪ |

ਜੀਵਣ ਮੌਸਮ ਰੰਗ ਬਿਰੰਗਾ,
ਇਕਨਾ ਮਾੜਾ, ਇਕਨਾ ਚੰਗਾ |

ਇੰਦਰਜੀਤ ਕੋਰ ,
Nov 28, 2010

Writing Contest NOVEMBER, 2010

ਵਿਸ਼ਾ :- " ਦਿਵਾਲੀ "

TITLE : ਦੀਵਿਆ ਦਿਵਾਲੀ ਦਿਆ

ਕਰ ਹਨੇਰਾ ਦੂਰ ਵੇ ਦੀਵਿਆ ਦਿਵਾਲੀ ਦਿਆ
ਕਰ ਚੁਫੇ਼ਰੇ ਨੂਰ ਵੇ ਦੀਵਿਆ ਦਿਵਾਲੀ ਦਿਆ

ਸੋਚ ਨਾ,ਸਵਾਲ ਨਹੀਂ ਸੂਰਜ ਦੇ ਤੇਜ ਦਾ,
ਓਹਦਾ ਚਾਨਣ ਦੂਰ ਵੇ ਦੀਵਿਆ ਦਿਵਾਲੀ ਦਿਆ

ਆਂਦਰਾਂ ਦੀ ਬੱਤੀ ਵਿਚ ਤੇਲ ਕੋਸੇ ਹੰਝੂਆਂ ਦਾ,
ਤੇਰੇ ਨਾਲ ਜਲਣਾ ਜਰੂਰ ਵੇ ਦੀਵਿਆ ਦਿਵਾਲੀ ਦਿਆ

ਆਪਣੀ ਹੀ ਅੱਗ ਵਿਚ ਖੁਦ ਮਚ ਜਾਣਾ
ਇਹੀ ਹੈ ਦਸਤੂਰ ਵੇ ਦੀਵਿਆ ਦਿਵਾਲੀ ਦਿਆ

ਖੁਦ ਲਈ ਜੀਣਾ ਵੀ ਏ ਦੱਸ ਕਾਹਦਾ ਜੀਣਾ
ਮੌਤ ਹੀ ਮਨਜੂਰ ਵੇ ਦੀਵਿਆ ਦਿਵਾਲੀ ਦਿਆ

ਰਵਿੰਦਰ ਜਹਾਂਗੀਰ
29/10/2010