Tuesday, May 31, 2011

Writing Contest JUNE 2011

ਵਿਸ਼ਾ :- "ਹਮਸਫ਼ਰ"

ਜ਼ਿੰਦਗੀ ਵਿੱਚ ਤਲਖੀਆਂ ਨੇ ਤੇ ਮੁਹੱਬਤ ਵੀ ਬਡ਼ੀ
ਹਮਸਫ਼ਰ ਦੇ ਬਾਝ ਕਿੱਦਾਂ ਸਰ ਕਰਾਂਗੇ ਜ਼ਿੰਦਗੀ

ਦੀਵਿਆਂ ਦੀ ਲੋਅ ਤੋਂ ਜੋ ਅਕਸਰ ਸੀ ਸਹੁੰ ਚੁੱਕਦਾ ਰਿਹਾ
ਉਸ ਸ਼ਖਸ਼ ਨੇ ਕਰ ਲਈ ਹੈ ਨੇਰੀਆਂ ਸੰਗ ਦੋਸਤੀ

ਜੀਣ ਦੇ ਕਾਰਨ ਸੀ ਮੇਰੇ ਪਿਆਰ , ਸੱਚ , ਇਨਸਾਫ ਪਰ
ਜਾਣ ਲੱਗਾ ਲੈ ਗਿਆ ਇਤਬਾਰ ਸਾਡੀ ਜ਼ਿੰਦਗੀ

ਪਾਣੀਆਂ ਵਿੱਚ ਟਿਮਟਿਮਾਂਉਦੇ ਤਾਰਿਆਂ ਨੂੰ ਵੇਖ ਕੇ
ਯਾਦ ਆਉਂਦੀ ਹੈ ਬਹੁਤ ਹੁਣ ਯਾਰ ਦੀ ਪਾਕੀਜ਼ਗੀ

ਨੇਰਿਆਂ ਨੇ ਜਿਸ ਤਰਾਂ ਖੌਹਿਆ ਹੈ ਮੇਰਾ ਹਮਸਫ਼ਰ
ਹੂਕ ਜੇ ਮਾਰਾਂ ਤਾਂ ਫਟ ਜਾਏਗੀ ਹਿੱਕ ਆਸਮਾਨ ਦੀ

ਉਂਞ ਰਾਵਾਂ ਸੁੰਨੀਆਂ ਤੇ ਪੈਰ ਕੋਈ ਵਿਰਲਾ ਧਰੇ
ਹਮਸਫ਼ਰ ਦੇ ਸੰਗ ਤੈਨੂੰ ਸਰ ਕਰਾਂਗੇ ਜ਼ਿੰਦਗੀ

------------ਹਰਪ੍ਰੀਤ ਸਿੰਘ----------
੨੮-੦੫-੨੦੧੧

Sunday, May 1, 2011

Creative Writing Contest- MAY, 2011

ਵਿਸ਼ਾ :ਡਰਾਇਵਰ

ਡਰਾਇਵਰਾਂ ਦੀ ਵੀ ਵੱਖਰੀ ਸ਼ਾਨ ਹੁੰਦੀ ਐ,
ਯਾਰੀ ਸੜਕ ਨਾਲ, ਗੱਡੀ ਵਿੱਚ ਜਾਨ ਹੁੰਦੀ ਐ,

ਬਿੰਦੀਆਂ ਸੁਰਖੀਆਂ ਨਾਲ ਗੱਡੀ ਨੂੰ ਸਜਾਓਂਦੇ ਨੇਂ,
ਦਿੱਸਜੇ ਸੋਹਣੀ ਮੁਟਿਆਰ ਫੇਰ ਗਾਣੇ ਗਾਓਂਦੇ ਨੇਂ,

ਕਹਿਣ ਇਹ ਗੱਡੀ ਹੈ ਸ਼ੌਕੀਨ ਜੱਟ ਦੀ,
ਜਿਧਰੋਂ ਵੀ ਇਹ ਲੰਘੇ ਜਾਂਦੀ ਧੂੜਾਂ ਪੱਟਦੀ,

ਲੰਬੇ ਕੁੜਤੇ, ਉੱਚੇ ਚਾਦਰੇ, ਕਾਲੀਆਂ ਦਾੜੀਆਂ, ਖੂੰਡੀਆਂ ਮੂਛਾਂ,
ਗਿਅਰ ਪਾਕੇ ਦੱਬਕੇ ਕਿਲੀ, ਕਡਾਓਂਦੇ ਗੱਡੀ ਦੀਆਂ ਕੂਕਾਂ,

ਬਾਹਰਲੇ ਸ਼ੀਸ਼ੇ ਚੋਂ ਇਹ ਮੁੜ ਮੁੜ ਤੱਕਦੇ ਨੇਂ,
ਅੱਗੇ ਪਿੱਛੇ ਹਰ ਪਾਸੇ ਧਿਆਨ ਪੂਰਾ ਰੱਖਦੇ ਨੇਂ

ਪੈਂਤੀ ਟਨ ਲੱਦਕੇ ਵੀ ਮਨਦੇ ਟਰੱਕ ਨੂੰ ਸਫਾਰੀ,
ਕਸ਼ਮੀਰ ਤੋਂ ਕੰਨਿਆਕੁਮਾਰੀ, ਡਰਾਇਵਰਾਂ ਦੀ ਚੱਲੇ ਫੁੱਲ ਸਰਦਾਰੀ,

ਸੁਧੀਰ ਬੱਸੀ
28/4/11

Creative Writing Contest- APRIL, 2011

ਵਿਸ਼ਾ :ਕੁਦਰਤ

ਅੱਜ ਅਸੀਂ ਆਖਦੇ ਹਾਂ...।
ਕਿ ਐਨੀ ਤਬਾਹੀ ਮਚਾਉਣ ਵੇਲੇ ,
ਐਨਾ ਕਹਿਰ ਬਰਪਾਉਣ ਵੇਲੇ ,
ਤੇ ਬੰਦਿਆਂ ਦੇ ਬੰਦੇ ਮੁਕਾਉਣ ਵੇਲੇ ,
ਜਿਹੜੀ ਤੜਫਾ ਤੜਫਾ ਕੇ ਮਾਰ ਰਹੀ ਸੀ,
ਕੀ ਉਹ ਕੁਦਰਤ ਹੀ ਸੀ ?
ਪਰ ਸ਼ਾਇਦ ਅਸੀਂ ਭੁਲ ਗਏ ..।
ਕਿ ਐਨੇ ਰੁੱਖ ਮੁਕਾਉਣ ਵੇਲੇ ,
ਬੰਬ ਗੋਲੀਆਂ ਬਣਾਉਣ ਵੇਲੇ ,
ਐਨੀ ਅੱਗ ਵਰਸਾਉਣ ਵੇਲੇ ,
ਜਿਹੜੀ ਤੜਫ ਤੜਫ ਕੇ ਮਰ ਰਹੀ ਸੀ,
ਉਹ ਵੀ ਕੁਦਰਤ ਹੀ ਸੀ..॥

ਰਵਿੰਦਰ ਜਹਾਂਗੀਰ
29/03/2011