Saturday, July 9, 2011

Writing Contest JULY 2011

ਵਿਸ਼ਾ : ਸਰਕਸ
ਸਰਕਸ ਹੈ ਮਨੋਰੰਜਨ ਦਾ ਸਾਧਨ ਸਭ ਦਾ ਦਿਲ ਪਰਚਾਵੇ,
ਪਰ ਇਸ ਪੇਸ਼ੇ ਵਿਚ ਦਰਦ ਹੈ ਛੁਪਿਆ ਕਿਸੇ ਨੂੰ ਨਜਰ ਨਾ ਆਵੇ ।

ਹਸਾ ਹਸਾ ਕੇ ਜੋਕਰ ਸਭ ਦੇ ਢਿੱਡੀਂ ਪੀੜ੍ਹਾਂ ਪਾਉਂਦਾ,
ਕੌਣ ਜਾਣੇ ਉਹ ਜਿੰਦਗੀ ਅੰਦਰ ਕਿੰਨੇ ਦੁਖ ਹੰਢਾਉਂਦਾ ।

ਸੇਰ, ਚੀਤਾ ਤੇ ਹਾਥੀ ਨੱਚਦੇ, ਤੋਤਾ ਸਾਇਕਲ ਚਲਾਵੇ,
ਰਿੰਗ ਮਾਸਟਰ ਇਹਨਾਂ ਨੂੰ ਸਭ ਡੰਡੇ ਨਾਲ ਸਿਖਾਵੇ ।

ਸਭ ਨੂੰ ਭਾਵੇ ਰਬੜ ਦੀ ਗੁੱਡੀ, ਜਦੋਂ ਹੈ ਕਰਤਬ ਕਰਦੀ,
ਕੌਣ ਜਾਣੇ ਉਹ ਪੇਟ ਦੀ ਖਾਤਿਰ ਕਿੰਨੇ ਦੁੱਖੜੇ ਜਰਦੀ ।

ਬਾਈਕ ਸਵਾਰ ਮੌਤ ਦੇ ਖੂਹ ਵਿਚ ਮੋਟਰ ਸਾਇਕਲ ਚਲਾਕੇ,
ਲੋਕਾਂ ਦਾ ਮਨੋਰੰਜਨ ਕਰਦਾ ਜਾਨ ਜੋਖਿਮ ਵਿਚ ਪਾਕੇ ।

ਸਰਕਸ ਰਾਹੀਂ ਹਾਸੇ ਵੰਡਕੇ ਖੁਦ ਇਹ ਦੁਖੜੇ ਝੱਲਦੇ,
ਫੇਰ ਵੀ ਇਹ ਸਰਕਸ ਦੇ ਨਾਇਕ ਬਣ ਗਏ ਕਿੱਸੇ ਕਲ ਦੇ ।

ਰਵਿੰਦਰ ਜਹਾਂਗੀਰ
28/06/2011

Tuesday, May 31, 2011

Writing Contest JUNE 2011

ਵਿਸ਼ਾ :- "ਹਮਸਫ਼ਰ"

ਜ਼ਿੰਦਗੀ ਵਿੱਚ ਤਲਖੀਆਂ ਨੇ ਤੇ ਮੁਹੱਬਤ ਵੀ ਬਡ਼ੀ
ਹਮਸਫ਼ਰ ਦੇ ਬਾਝ ਕਿੱਦਾਂ ਸਰ ਕਰਾਂਗੇ ਜ਼ਿੰਦਗੀ

ਦੀਵਿਆਂ ਦੀ ਲੋਅ ਤੋਂ ਜੋ ਅਕਸਰ ਸੀ ਸਹੁੰ ਚੁੱਕਦਾ ਰਿਹਾ
ਉਸ ਸ਼ਖਸ਼ ਨੇ ਕਰ ਲਈ ਹੈ ਨੇਰੀਆਂ ਸੰਗ ਦੋਸਤੀ

ਜੀਣ ਦੇ ਕਾਰਨ ਸੀ ਮੇਰੇ ਪਿਆਰ , ਸੱਚ , ਇਨਸਾਫ ਪਰ
ਜਾਣ ਲੱਗਾ ਲੈ ਗਿਆ ਇਤਬਾਰ ਸਾਡੀ ਜ਼ਿੰਦਗੀ

ਪਾਣੀਆਂ ਵਿੱਚ ਟਿਮਟਿਮਾਂਉਦੇ ਤਾਰਿਆਂ ਨੂੰ ਵੇਖ ਕੇ
ਯਾਦ ਆਉਂਦੀ ਹੈ ਬਹੁਤ ਹੁਣ ਯਾਰ ਦੀ ਪਾਕੀਜ਼ਗੀ

ਨੇਰਿਆਂ ਨੇ ਜਿਸ ਤਰਾਂ ਖੌਹਿਆ ਹੈ ਮੇਰਾ ਹਮਸਫ਼ਰ
ਹੂਕ ਜੇ ਮਾਰਾਂ ਤਾਂ ਫਟ ਜਾਏਗੀ ਹਿੱਕ ਆਸਮਾਨ ਦੀ

ਉਂਞ ਰਾਵਾਂ ਸੁੰਨੀਆਂ ਤੇ ਪੈਰ ਕੋਈ ਵਿਰਲਾ ਧਰੇ
ਹਮਸਫ਼ਰ ਦੇ ਸੰਗ ਤੈਨੂੰ ਸਰ ਕਰਾਂਗੇ ਜ਼ਿੰਦਗੀ

------------ਹਰਪ੍ਰੀਤ ਸਿੰਘ----------
੨੮-੦੫-੨੦੧੧

Sunday, May 1, 2011

Creative Writing Contest- MAY, 2011

ਵਿਸ਼ਾ :ਡਰਾਇਵਰ

ਡਰਾਇਵਰਾਂ ਦੀ ਵੀ ਵੱਖਰੀ ਸ਼ਾਨ ਹੁੰਦੀ ਐ,
ਯਾਰੀ ਸੜਕ ਨਾਲ, ਗੱਡੀ ਵਿੱਚ ਜਾਨ ਹੁੰਦੀ ਐ,

ਬਿੰਦੀਆਂ ਸੁਰਖੀਆਂ ਨਾਲ ਗੱਡੀ ਨੂੰ ਸਜਾਓਂਦੇ ਨੇਂ,
ਦਿੱਸਜੇ ਸੋਹਣੀ ਮੁਟਿਆਰ ਫੇਰ ਗਾਣੇ ਗਾਓਂਦੇ ਨੇਂ,

ਕਹਿਣ ਇਹ ਗੱਡੀ ਹੈ ਸ਼ੌਕੀਨ ਜੱਟ ਦੀ,
ਜਿਧਰੋਂ ਵੀ ਇਹ ਲੰਘੇ ਜਾਂਦੀ ਧੂੜਾਂ ਪੱਟਦੀ,

ਲੰਬੇ ਕੁੜਤੇ, ਉੱਚੇ ਚਾਦਰੇ, ਕਾਲੀਆਂ ਦਾੜੀਆਂ, ਖੂੰਡੀਆਂ ਮੂਛਾਂ,
ਗਿਅਰ ਪਾਕੇ ਦੱਬਕੇ ਕਿਲੀ, ਕਡਾਓਂਦੇ ਗੱਡੀ ਦੀਆਂ ਕੂਕਾਂ,

ਬਾਹਰਲੇ ਸ਼ੀਸ਼ੇ ਚੋਂ ਇਹ ਮੁੜ ਮੁੜ ਤੱਕਦੇ ਨੇਂ,
ਅੱਗੇ ਪਿੱਛੇ ਹਰ ਪਾਸੇ ਧਿਆਨ ਪੂਰਾ ਰੱਖਦੇ ਨੇਂ

ਪੈਂਤੀ ਟਨ ਲੱਦਕੇ ਵੀ ਮਨਦੇ ਟਰੱਕ ਨੂੰ ਸਫਾਰੀ,
ਕਸ਼ਮੀਰ ਤੋਂ ਕੰਨਿਆਕੁਮਾਰੀ, ਡਰਾਇਵਰਾਂ ਦੀ ਚੱਲੇ ਫੁੱਲ ਸਰਦਾਰੀ,

ਸੁਧੀਰ ਬੱਸੀ
28/4/11

Creative Writing Contest- APRIL, 2011

ਵਿਸ਼ਾ :ਕੁਦਰਤ

ਅੱਜ ਅਸੀਂ ਆਖਦੇ ਹਾਂ...।
ਕਿ ਐਨੀ ਤਬਾਹੀ ਮਚਾਉਣ ਵੇਲੇ ,
ਐਨਾ ਕਹਿਰ ਬਰਪਾਉਣ ਵੇਲੇ ,
ਤੇ ਬੰਦਿਆਂ ਦੇ ਬੰਦੇ ਮੁਕਾਉਣ ਵੇਲੇ ,
ਜਿਹੜੀ ਤੜਫਾ ਤੜਫਾ ਕੇ ਮਾਰ ਰਹੀ ਸੀ,
ਕੀ ਉਹ ਕੁਦਰਤ ਹੀ ਸੀ ?
ਪਰ ਸ਼ਾਇਦ ਅਸੀਂ ਭੁਲ ਗਏ ..।
ਕਿ ਐਨੇ ਰੁੱਖ ਮੁਕਾਉਣ ਵੇਲੇ ,
ਬੰਬ ਗੋਲੀਆਂ ਬਣਾਉਣ ਵੇਲੇ ,
ਐਨੀ ਅੱਗ ਵਰਸਾਉਣ ਵੇਲੇ ,
ਜਿਹੜੀ ਤੜਫ ਤੜਫ ਕੇ ਮਰ ਰਹੀ ਸੀ,
ਉਹ ਵੀ ਕੁਦਰਤ ਹੀ ਸੀ..॥

ਰਵਿੰਦਰ ਜਹਾਂਗੀਰ
29/03/2011

Wednesday, March 2, 2011

Writing Contest March. 2011

ਵਿਸ਼ਾ :-"ਮਿਹਨਤ"

ਮਿਹਨਤ ਮੇਰੀ ਰਹਿਮਤ ਤੇਰੀ
ਦਾਤਾ ਸਦਾ ਇਹ ਰਸਤਾ ਦਿਖਾਈ

ਅੰਨ ਦਾਤਾ ਜਿਹਨੂੰ ਦੁਨੀਆਂ ਆਖੇ
ਤੂੰ ਉਹ ਕਿਰਸਾਨ ਬਣਾਈ

ਰੁੱਖੀ ਮਿਸੀ ਮਿਲ ਜੇ ਸਭ ਨੂੰ
ਤੂੰ ਉਨੀ ਮਿਹਨਤ ਕਰਾਈ

ਮਿਹਨਤ ਖਾਤਰ ਨਾ ਜਾਣ ਵਿਦੇਸ਼ੀ
ਤੂੰ ਘਰੇ ਹੀ ਰਿਜ਼ਕ ਦੁਆਈ

’ਸੋਹਲ’ ਕਹੇ ਜਿਹੜਾ ਢਿੱਡ ਲਾਇਆ
ਬਸ ਉਸਦੀ ਭੁੱਖ ਮਿਟਾਈ

ਜਸਬੀਰ ਸਿੰਘ ਸੋਹਲ
26.2.2011

Thursday, February 10, 2011

Writing Contest FEB. 2011

ਵਿਸ਼ਾ :- "ਸਫਰ"

ਦੁਨੀਆ ਦੇ ਐ ਮੁਸਾਫਿਰ,, ਮੰਜਿਲ ਤੇਰੀ ਕਬਰ ਹੈ...
ਤੂੰ ਤੈਅ ਕਰ ਰਿਹਾ ਹੈ ਜੋ,,,ਦੋ ਦਿਨਾ ਦਾ ਇਹ ਸਫਰ ਹੈ......

ਜਦੋਂ ਦੀ ਬਣੀ ਹੈ ਦੁਨੀਆ,,ਲੱਖਾਂ ਕੋਰਾੜਾਂ ਆਏ,,
ਬਾਕੀ ਰਿਹਾ ਨਾ ਕੋਈ,,ਮਿੱਟੀ ਚ ਸਭ ਸਮਾਏ,,
ਇਸ ਗੱਲ ਨੂੰ ਨਾ ਭੁਲਾਈਂ ਸਭ ਦਾ ਇਹੀ ਹਸ਼ਰ ਹੈ.......

ਇਨਸਾਨਾ ਦੀ ਦੁਨੀਆ ਦੇ ਵਿੱਚ,,ਕਿਉਂ ਬਣ ਗਿਆ ਪੱਥਰ ਹੈ
ਦੋ ਗਜ਼ ਜ਼ਮੀਂ ਦਾ ਟੁਕੜਾ ,,ਛੋਟਾ ਜਿਹਾ ਹੀ ਘਰ ਹੈ,,
ਅੰਜ਼ਾਮ ਤੋਂ ਤੂੰ ਆਪਣੇ ,,ਕਿਉਂ ਐਨਾ ਬੇਖਬਰ ਹੈ........
ਦਿਲ ਵਿੱਚ ਹੈ ਉਸਦਾ ਨਾਂ ਹੁਣ,,ਬੱਸ "ਪਰੀਤ" ਨੂੰ ਸਬਰ ਹੈ....

ਤੂੰ ਤੈਅ ਕਰ ਰਿਹਾ ਹੈ ਜੋ,,,ਦੋ ਦਿਨਾ ਦਾ ਇਹ ਸਫਰ ਹੈ......

Preet Saini

Friday, December 31, 2010

Writing Contest JAN. 2011

ਵਿਸ਼ਾ :- "ਨਵਾਂ ਸਾਲ"

ਹੈ ਸਾਲ ਨਵਾਂ ਆਇਆ , ਖਿੜਨਾ ਵੀ ਲਾਜ਼ਮੀ ਹੈ
ਖੂਹ ਬਣ ਕੇ ਪਹਿਲਾਂ ਵਾਂਗਰ, ਗਿੜਨਾ ਵੀ ਲਾਜ਼ਮੀ ਹੈ

ਸਭ ਪਾਸੇ ਹੋਵੇ ਚਾਨਣ, ਹਰ ਖੁਸ਼ੀ ਲੋਕ ਮਾਨਣ
ਸਾਂਝਾਂ ਤੇ ਪਿਆਰਾਂ ਦਾ ਵੀ, ਇਹਸਾਸ ਲੋਕ ਜਾਨਣ
ਆਵੇ ਜੇ ਆਨ ਉੱਤੇ, ਖੇਡ ਜਾਣਾ ਜਾਨ ਉੱਤੇ
ਹਾਕਮ ਹਕੂਮਤਾਂ ਨਾ' , ਭਿੜਨਾ ਵੀ ਲਾਜ਼ਮੀ ਹੈ

ਚਾਨਣ ਦੇ ਦੂਤ ਬਣਨਾ,ਪੁਤਰੋ ਸਪੂਤ ਬਣਨਾ
ਬੋਲੀ ਦੇ ਪਰਚਮਾਂ ਦੇ ,ਪੱਕੇ ਸਬੂਤ ਬਣਨਾ
ਬਿਰਤੀ ਦੀ ਗਲ ਵੀ ਕਰਨਾ, ਕਿਰਤੀ ਦੀ ਗਲ ਵੀ ਕਰਨਾ
ਪਥਰਾਂ ਦਾ ਸ਼ੀਸ਼ਾ ਬਣ ਕੇ , ਤਿੜਨਾ ਵੀ ਲਾਜ਼ਮੀ ਹੈ

ਹੈ ਸਾਲ ਨਵਾਂ ਆਇਆ , ਖਿੜਨਾ ਵੀ ਲਾਜ਼ਮੀ ਹੈ
ਖੂਹ ਬਣ ਕੇ ਪਹਿਲਾਂ ਵਾਂਗਰ, ਗਿੜਨਾ ਵੀ ਲਾਜ਼ਮੀ ਹੈ

................ਗੁਰਪ੍ਰੀਤ ਮਾਨ (੨੯/੧੨/੨੦੧੦)