Tuesday, December 1, 2009

WINNER POEM DEC .2009

ਵਿਸ਼ਾ "ਰੁਮਾਲ"

ਰੁਮਾਲ ਖਤ ਹੁੰਦੇ ਹਨ
ਗਿੱਧੇ 'ਚ ਹਿਲਦੇ
ਨਿਸ਼ਾਨੀ 'ਚ ਦਿੱਤੇ
ਪਿਆਰ ਦਾ ਸੰਕੇਤ
ਕੱਢੇ ਫੁੱਲਾਂ ਵਾਲੇ
ਇਕਰਾਰਾਂ ਦੇ ਪ੍ਰਤੀਕ
ਚਿੱਟੇ ਬੇਦਾਗ
ਰੁਤਬੇ ਨੂੰ ਦਰਸਾਉਂਦੇ
ਝੰਡੀ ਨਾਲ ਲੱਗੇ
ਸ਼ਾਂਤੀ ਮੰਗਦੇ
ਸੱਚ ਹੀ ਤਾਂ ਹੈ
ਰੁਮਾਲ ਖਤ ਹੁੰਦੇ ਹਨ

-ਰੇਨੂੰ-

Sunday, November 1, 2009

WINNER POEM NOV 2009

ਵਿਸ਼ਾ - "ਬੇਰੁਜ਼ਗਾਰੀ"

ਮਰਲੇ-ਕਨਾਲਾਂ ਵਿਚ ਆਪਾ ਹੈ ਜੋਤਦਾ
ਕਿਰਸਾਨ ਨੂੰ ਨਿਰਾ ਵਿਹਲਾ ਦੱਸਦੀ ਏ

ਬਲਦੀਆਂ ਧੁੱਪਾਂ ਵਿਚ ਅਕਸ ਜਲਾਂਦੀ
ਛਿੱਜੇ ਲੀੜਿਆ ਚੌਂ ਬਿਟਰ.੨ ਤੱਕਦੀ ਏ

ਸ਼ਾਮੀ ਡਿਗਰੀ ਫੜ ਮੁੜਦੇ ਹਾਂ ਹੰਭ ਕੇ
ਟੁੱਟੀਆਂ ਜੁੱਤੀਆਂ ਦੇ ਵਿੱਚੌਂ ਹੱਸਦੀ ਏ

ਨਸ਼ੇ ਜਾਂ ਖੁਦਕੁਸ਼ੀਆਂ ਇਹਦੇ ਹੀ ਰੂਪ ਨੇ
ਘਰਾਂ ਦੇ ਵਿੱਚ ਮਾਤਮ ਬਣ ਵਸਦੀ ਏ

ਨਿੱਤ ਖਵਾਹਿਸ਼ਾਂ,ਸੁਪਨੇ ਦਫਨ ਕਰਦੀ
ਨੇਤਾ ਅਜਗਰ ਬਣ ਸਭ ਨਿਗਲਦੀ ਏ

ਕੋਹੜ ਜਿਹੀਆਂ ਕੁਰੀਤੀਆਂ ਦੀ ਆਗਾਜ਼
ਬੇਰੁਜ਼ਗਾਰੀ ਹਰ ਜਗਾ ਤਣਕੇ ਖੜਦੀ ਏ

-ਦੀਪ-

Thursday, October 1, 2009

WINNER POEM OCT 2009

ਵਿਸ਼ਾ " ਸੁਹਾਗਣ "

ਸੁਹਾਗ ਦੇ ਕਣਾਂ 'ਚ ਸਜੀ,
ਸ਼ਰਮ ਹਯਾ ਦੇ ਵਿੱਚ ਭਿੱਜੀ,
ਉ ਮੁਟਿਆਰ ਸੁਹਾਗਣ ਹੁੰਦੀ ਹੈ

ਆਪਣਿਆਂ ਦੀ ਖਾਤਿਰ ਜੋ,
ਆਪਾ ਹੀ ਭੁਲਾ ਬੈਠੇ ਜੋ,
ਤਾਂ ਸਤਿਕਾਰਤ ਸੁਹਾਗਣ ਹੁੰਦੀ ਹੈ

ਬੰਦਿਸ਼ਾਂ ਨੂੰ ਦਿਲੋਂ ਅਪਨਾਵੇ ਜੋ,
ਰੀਤਾਂ ਨੂੰ ਅਣਮੰਨੇ ਮਨਾਵੇ ਜੋ,
ਤਾਂ ਸਵਿਕਾਰਤ ਸੁਹਾਗਣ ਹੁੰਦੀ ਹੈ

ਜੇ ਆਪਣੇ ਬਾਰੇ ਸੋਚੇ ਕਦੇ,
ਖ਼ਾਬ ਮਨ ਤਾਈਂ ਲੋਚੇ ਕਦੇ,
ਤਾਂ ਧਿਤਕਾਰਤ ਸੁਹਾਗਣ ਹੁੰਦੀ ਹੈ

....ਇੰਦਰਜੀਤ ਕੋਰ.......

Tuesday, September 1, 2009

WINNER POEM Sept.2009

"ਰੁੱਖ "
ਕੁਦਰਤ ਦਾ ਸਰਮਾਇਆ ਹੁੰਦੇ,
ਹਰੇ ਭਰੇ ਲਹਿਰਾਉਦੇ ਰੁੱਖ਼

ਸ਼ੁੱਧ ਹਵਾ ਤੇ ਛਾਵਾਂ ਕਰਦੇ,
ਹਯਾਤੀ ਨੂੰ ਮਹਿਕਾਉਂਦੇ ਰੁੱਖ

ਸਜਾਵਟ ਦੀ ਖੁਦ ਬਲੀ ਨੇ ਚੜਦੇ,
ਸਾਡੇ ਘਰ ਸਜਾਉਂਦੇ ਰੁੱਖ

ਹਰ ਇੱਕ ਸੁੱਖ ਏਹ ਸਾਨੂੰ ਦਿੰਦੇ,
ਖੁਦ ਨੇ ਦੁੱਖ ਹੰਢਾਉਂਦੇ ਰੁੱਖ

ਜੇ ਏਹ ਜਿਉਂਦੇ ਅਸੀ ਹਾਂ ਜਿਉਂਦੇ,
ਫਿਰ ਕਿਉਂ ਜੜੌ ਮਿਟਾਉਂਦੇ ਰੁੱਖ

ਚਿਖਾ ਦਾ ਬਾਲਣ ਨੇ ਏਹ ਬਣਦੇ,
ਅੰਤਮ ਸਾਥ ਨਿਭਾਉਂਦੇ ਰੁੱਖ

..........ਜਗਜੀਤ ਹਾਂਸ................

Saturday, August 8, 2009

...ਅਸੀਂ ਪਾਠਕ ਪੁੰਗਰਦੇ ਹਰਫ਼ ਦੇ ..

ਪੁੰਗਰਦੇ ਹਰਫ ਫੁੱਲ ਪਤੀਆਂ ਨੇ
ਇਕ ਖਿੜੇ ਗੁਲਾਬ ਦੀਆਂ,
ਸਾਨੂੰ ਮਹਿਕਾਂ ਆਉਦੀਆਂ ਨੇ
ਇਸ ਵਿਚੋ ਪੰਜਾਬ ਦੀਆਂ,
ਲਿਖਤਾਂ ਵੰਡਦਾ ਲੱਗੇ ਦੁਨੀਆਂ ’ਚ
ਮਾਝੇ ਮਾਲਵੇ ਤੇ ਦੁਆਬ ਦੀਆਂ,
’ਸੋਹਲ’ ਸੁਪਨਾ ਸੱਚ ਹੋਇਆ ਲੱਗੇ
ਗੱਲਾਂ ਸੀ ਜੋ ਕਦੀ ਖੁਆਬ ਦੀਆਂ....

.......ਜਸਬੀਰ ਸੋਹਲ..........

Sunday, August 2, 2009

WINNER POEM August 2009

"ਮਰਿਯਾਦਾ"
ਆਪਣੇ ਦੁਆਲੇ ਖੜੀਆਂ ਕਰ ਕੇ
ਅਣਦਿਸਦੀਆਂ ਜਹੀਆਂ ਕੰਧਾਂ
ਉਹਨਾਂ ਦੁਆਲੇ ਬੁਣਦੇ ਰਹੀਏ
ਜ਼ਿੰਦਗੀ ਵਾਲੀਆਂ ਤੰਦਾਂ

ਹਾਂ ਜ਼ਰੂਰੀ ਵੀ ਹੈ ਸ਼ਾਇਦ
ਇਹ ਦੀਵਾਰਾਂ ਦਾ ਹੋਣਾ
ਉਚੀਆਂ ਕੰਧਾਂ ਦੇ ਵਿਚ
ਐਪਰ ਬੰਦਾ ਹੋ ਗਿਆ ਬੋਣਾ

ਏਸ ਗੱਲ ਤੋ ਮੁਨਕਰ ਹੋਣਾ
ਸ਼ਾਇਦ ਮੂਲ ਨਾ ਭਾਏ
ਹਰ ਯੁਗ ਨਾਲ ਕੰਧਾਂ ਦਾ
ਮਾਨਾ ਦਾਇਰਾ ਵਧਦਾ ਜਾਏ

...............ਗੁਰਪ੍ਰੀਤ ਮਾਨ

Tuesday, June 30, 2009

WINNER POEM JULY 2009

ਮੰਜ਼ਲ
ਨਿਰੰਤਰ ਜਗ ਰਹੀ ਹੈ
ਦਿਖਦੀ ਵੀ ਜੋ ਨਹੀਂ ਹੈ
ਇਹੀ ਹੈ ਜੋਤ ਇੱਕੋ
ਮੰਜ਼ਲ ਹਰ ਬਸ਼ਰ ਦੀ

ਸਿਜਦੇ ਵੀ ਕਰਦੇ ਰਹੀਏ
ਰਾਹ ਵੀ ਕਦੀ ਨਾ ਪਈਏ
ਲੱਭੀਏ ਮੰਦਿਰ ਮਸੀਤੀ
ਰਾਹ ਭੁੱਲ ਗਏ ਹਾਂ ਘਰ ਦੀ

ਹੈ ਰੋਸ਼ਨੀ ਦਾ ਸਾਗਰ
ਰੰਗਾਂ ਦੀ ਭਰੀ ਗਾਗਰ
ਓਹੀ ਹੈ ਅਸਲ ਮੰਜ਼ਲ
ਰੂਹ ਜਿੱਥੇ ਜਾ ਕੇ ਠਰਦੀ.
...........ਗੁਰਪ੍ਰੀਤ ਮਾਨ...............

Wednesday, June 3, 2009

ਤਸਵੀਰ

ਖੂਹਾਂ ਦੇ ਗੰਧ੍ਲ਼ੇ ਪਾਣੀ ਨੂੰ
ਲੋਢੇ ਵੇਲੇ ਦੀ ਕਹਾਣੀ ਨੂੰ
ਮੁਦਤਾਂ ਤੋਂ ਸੁੱਤੀ ਪਈ ਜ਼ਮੀਰ ਨੂੰ
ਮੈਂ ਬਦਲਨਾ ਹੈ ਅਜੋਕੇ ਸਮਾਜ ਦੀ ਕੋਝੀ ਤਸਵੀਰ ਨੂੰ
ਮੈਂ ਬਦਲਨਾ ਹੈ ............................

ਸੀਮਾਂ ਤੇ ਤਣੀਆਂ ਬਾਰੂਦੀ ਨਾਲਾਂ ਨੂੰ
ਜੰਨਤ ਦੇ ਧੋਖੇ ਚੋ ਮ੍ਰ੍ਦੇ ਹੋਏ ਬਾਲਾਂ ਨੂੰ
ਮਾਸੂਮਾਂ ਤੇ ਥੋਪੇ ਹੋਏ ਜ਼ਹਿਰੀ ਸਵਾਲਾਂ ਨੂੰ
ਸੌਡ਼ੀ ਸੋਚ ਦੀ ਹਰ ਇਕ ਤਕਰੀਰ ਨੂੰ
ਮੈਂ ਬਦਲਨਾ ਹੈ ਅਜੋਕੇ ਸਮਾਜ ਦੀ ਕੋਝੀ ਤਸਵੀਰ ਨੂੰ
ਮੈਂ ਬਦਲਨਾ ਹੈ ............................

ਮਰਦਾਂ ਦੀ ਔਰਤ ਨੂੰ ਲਗਦੀ ਹਰ ਗਾਲ੍ਹ ਨੂੰ
ਕੁਰਸੀ ਲਈ ਭੇੜੀਏ ਬਣੇ ਮੂਹਾਂ ਦੀ ਰਾਲ੍ਹ ਨੂੰ
ਵੋਟਾਂ ਲਈ ਖੇਡੀ ਜਾਂਦੀ ਧਰਮਾਂ ਦੀ ਚਾਲ ਨੂੰ
ਖੁਦਕੁਸ਼ੀ ਦੇ ਰਾਹ ਤੇ ਜਾਂਦੀ ਹੋਈ ਸੋਚ ਨੂੰ
ਡੋਲਰਾਂ ਦੇ ਪਿਛੇ ਭੱਜੇ ਹਰ ਇੱਕ ਵੀਰ ਨੂੰ
ਮੈਂ ਬਦਲਨਾ ਹੈ ਅਜੋਕੇ ਸਮਾਜ ਦੀ ਕੋਝੀ ਤਸਵੀਰ ਨੂੰ
ਮੈਂ ਬਦਲਨਾ ਹੈ ............................

ਰੰਗਲੇ ਪੰਜਾਬ ਦੀ ਮਾੜੀ ਤਕ੍ਦੀਰ ਨੂੰ
ਸੋਨੇ ਦੀ ਚਿੜੀ ਤੋਂ ਹੋ ਰਹੇ ਫ਼ਕੀਰ ਨੂੰ
ਪੁਤਾਂ ਦੇ ਵਿਯੋਗ ਚੋ' ਮਾਵਾਂ ਦੇ ਨੀਰ ਨੂੰ
ਸ੍ੜ੍ਕਾਂ ਤੇ ਸੌਂ ਰਹੇ ਹਰ ਇਕ ਫ਼ਕੀਰ ਨੂੰ
ਠੰਡੇ ਸਾਹਵਾਂ ਦੀ ਗਰਮ ਤਾਸੀਰ ਨੂੰ
ਚਾਲਾਂ ਨਾਲ ਰਾਂਝੇ ਤੋਂ ਖੋਹੀ ਹਰ ਇਕ ਹੀਰ ਨੂੰ
ਮੈਂ ਬਦਲਨਾ ਹੈ ਅਜੋਕੇ ਸਮਾਜ ਦੀ ਕੋਝੀ ਤਸਵੀਰ ਨੂੰ
ਮੈਂ ਬਦਲਨਾ ਹੈ ............................

ਦਾਜ ਲਈ ਵੱਟਾਂ ਤੇ ਰੁੱਲਦੀ ਜਵਾਨੀ ਨੂੰ
ਜਗਮਗਾਉਂਦੇ ਦੀਵੇ ਥੱਲੇ ਨੇਰ੍ਹ ਦੀ ਕਹਾਣੀ ਨੂੰ
ਯੋਧਿਆਂ ਦੀ ਭੁੱਲੀ ਬੈਠੇ ਹਰ ਕੁਰਬਾਨੀ ਨੂੰ
ਛੇਵੇਂ ਦਰਿਆ ਚੋ' ਰੁੜਦੀ ਜਵਾਨੀ ਨੂੰ
ਇਨਸਾਫ ਦੀਆਂ ਅਖਾਂ ਤੇ ਬੰਨੀ ਹੋਈ ਲੀਰ ਨੂੰ
ਸੂਹੇ ਤੋਂ ਸੂਹੀ ਤੱਕ ਸੜ੍ਦੀ ਤਕ੍ਦੀਰ ਨੂੰ
ਅਣਜੱਮੀ ਬਲ੍ੜੀ ਦੇ ਟੋਟੇ-ਟੋਟੇ ਸਰੀਰ ਨੂੰ
ਮੈਂ ਬਦਲਨਾ ਹੈ ਅਜੋਕੇ ਸਮਾਜ ਦੀ ਕੋਝੀ ਤਸਵੀਰ ਨੂੰ
ਮੈਂ ਬਦਲਨਾ ਹੈ ...........................

ਹਾਂ! ਮੈਂ ਹੀ ਬ੍ਦਲਾਂਗਾ ਅਜੋਕੇ ਸਮਾਜ ਦੀ ਕੋਝੀ ਤਸਵੀਰ ਨੂੰ..................

03/06/2009 ਐਚ.ਐੱਸ

Sunday, May 31, 2009

WINNER POEM JUNE 2009

ਇੱਕ ਰੁਬਾਈ ਅਨ-ਕਹੀ ਜਾਂ ਅਧ-ਲਿਖੀ ਤਹਿਰੀਰ ਹਾਂ
ਨੈਣੀਂ ਲਰਜ਼ਦਾ ਨੀਰ ਹਾਂ, ਸਿਰਫ ਇੱਕ ਤਸਵੀਰ ਹਾਂ

ਭਾਵ ਸਾਰੇ ਖੁਸ ਗਏ, ਤੇ ਰੰਗ ਮੈਥੋਂ ਰੁੱਸ ਗਏ
ਢਾਂਚੇ ਦੀ ਇਕ ਅਸੀਰ ਹਾਂ, ਸਿਰਫ ਇੱਕ ਤਸਵੀਰ ਹਾਂ

ਕਾਇਨਾਤ ਜਿਵੇਂ ਰੁਕ ਗਈ ਤੇ ਉਮਰ ਮੇਰੀ ਮੁੱਕ ਗਈ
ਮਾਜ਼ੀ ਦੀ ਇੱਕ ਲਕੀਰ ਹਾਂ, ਸਿਰਫ ਇੱਕ ਤਸਵੀਰ ਹਾਂ

ਜ਼ਿੰਦਗੀ ਜਿਵੇਂ ਖੜ ਗਈ, ਸ਼ੀਸ਼ੇ ਚ ਜਦ ਦੀ ਜੜ ਗਈ
ਸੋਚਾਂ ਦੀ ਬਸ ਜਾਗੀਰ ਹਾਂ, ਸਿਰਫ ਇੱਕ ਤਸਵੀਰ ਹਾਂ

ਮਹਿਫਿਲਾਂ ਵੀਰਾਨ ਨੇ ਤੇ ਘਰ ਮੇਰੇ ਸੁਂਞਸਾਨ ਨੇ
ਕਹਿਣ ਨੂੰ ਬੇ-ਨਜ਼ੀਰ ਹਾਂ, ਸਿਰਫ ਇੱਕ ਤਸਵੀਰ ਹਾਂ

ਰੇਣੂ-

Friday, May 1, 2009

WINNER POEM MAY 2009

ਨੈਣਾਂ ਵਿਚੋਂ ਵਗਦਾ ਹੰਜੂ, ਮੇਰੇ ਸਾਹਵੇਂ ਆ ਖਲੋਇਆ
ਪੁੱਛਦਾ ਨੈਣਾਂ ਦੀ ਵਣਜਾਂ ਚੋਂ, ਕੀ ਪਾਇਆ ਤੇ ਕੀ ਤੂੰ ਖੋਇਆ

ਨੈਣਾਂ ਦੇ ਨੇ ਵਣਜ ਕਸੂਤੇ, ਲੁੱਟ ਜੇ ਬੰਦਾ ਸੁੱਤੇ ਸੁੱਤੇ
ਜਾਂ ਤਾਂ ਨੈਣੀਂ ਨਿੰਦਰ ਨਾਹੀਂ, ਜਾਂ ਨਿੰਦਾਂ ਚੋਂ ਖਾਬ ਵੀ ਮੋਇਆ

ਨੈਣਾਂ ਦੇ ਇਹ ਵਣਜ ਨਿਰਾਲੇ, ਜੋ ਵੀ ਪਿਆਰ ਨੂੰ ਦਿਲ ਵਿੱਚ ਪਾਲੇ
ਦਿਨੇ ਤਪੇ ਉਹ ਸੂਰਜ ਵਾਂਗੂ, ਰਾਤੀਂ ਤਾਰਿਆਂ ਦੇ ਨਾਲ ਰੋਇਆ

ਨੈਣਾਂ ਦੇ ਇਹ ਵਣਜ ਅਨੋਖੇ, ਪੀੜਾਂ ਡਾਹਡੀਆਂ ਦੁਖ ਵੀ ਚੋਖ਼ੇ
ਇਹਨਾਂ ਸਮੁੰਦਰਾਂ ਵਿਚੋ ਤਰ ਕੇ, ਅੱਜ ਤਾਈਂ ਕੋਈ ਪਾਰ ਨਾ ਹੋਇਆ

ਨੈਣਾਂ ਦੇ ਇਹ ਖੇਡ ਅਜੀਬ, ਅਖੋਂ ਦੂਰ ਜੋ ਦਿਲੋਂ ਕਰੀਬ
ਨੈਣਾਂ ਥਾਨੀ ਦਿਲ 'ਚ ਉਤਰਿਆ, ਹੰਜੂ ਬਣ ਉਹ ਵਾਪਿਸ ਹੋਇਆ

ਮੈਂ ਫਿਰ ਉਸਨੂੰ ਕਿਹਾ ਚੰਦਰਿਆ, ਰੋਜ ਇੰਜ ਤੂੰ ਆਇਆ ਨਾ ਕਰ
ਆਪਣੇ ਨੈਣਾਂ ਨੂੰ ਸੁੰਞੇ ਕਰ, ਜਾ ਪਲਕਾਂ ਦਾ ਬੂਹਾ ਢੋਇਆ
.....ਰੇਣੂ-

Tuesday, March 31, 2009

WINNER POEM APRIL,2009

ਹੱਥ
ਯਾਰਾਂ ਵੱਲ ਵਧਾ ਕੇ ਹੱਥ , ਦੇਖੇ ਬਹੁਤ ਮਿਲਾ ਕੇ ਹੱਥ
ਉਸਦੇ ਦਿਲ ਵਿੱਚ ਹੈ ਕੋਈ ਚੋਰ , ਖੜਾ ਜੁ ਪਰੇ ਛੁਪਾ ਕੇ ਹੱਥ

ਦੁਸ਼ਮਣ ਜਦੋਂ ਦਿਖਾਵੇ ਅੱਖਾਂ , ਉਸਨੂੰ ਦੇਖ ਦਿਖਾ ਕੇ ਹੱਥ
ਡਾਢੇ ਅੱਗੇ ਕੀ ਹੇ ਜ਼ੋਰ , ਛੱਡਦਾ ਸਦਾ ਜੁੜਾ ਕੇ ਹੱਥ

ਐਵੇਂ ਕਰਜ਼ ਨਾ ਦਿੰਦਾ ਸ਼ਾਹ , ਰੱਖਦੈ ਸਦਾ ਵਢਾ ਕੇ ਹੱਥ
ਦਿੰਦੈ ਸਦਾ ਦਿਲਾਸਾ ਯਾਰ , ਫੜ ਕੇ ਹੱਥ , ਦਬਾ ਕੇ ਹੱਥ

ਖੇਡਾਂ ਖੇਡ ਨਾ ਅੱਗ ਦੇ ਨਾਲ , ਬਹਿ ਨਾ ਜਾਈਂ ਜਲਾ ਕੇ ਹੱਥ
ਹੌਲੀ ਹੌਲੀ ਮੁਕਦੇ ਨਹੀਂ ਕੰਮ , ਮੁੱਕਣ ਤੇਜ਼ ਚਲਾ ਕੇ ਹੱਥ

ਬੋਲ ਨਾ ਚੰਗੇ ਮੰਦੇ ਬੋਲ , ਗੱਲ ਕਰ ਪਰੇ ਹਟਾ ਕੇ ਹੱਥ
ਦੋਸਤ ਹਲਕਾ ਕਰਦੇ ਭਾਰ , ਦੋਸਤ ਨਾਲ ਪੁਆ ਕੇ ਹੱਥ

ਮਿਲਦਾ ਬੜਾ ਸਕੂਨ ਜਿਹਾ ਏ , ਫੜ ਕੇ ਹੱਥ, ਫੜਾ ਕੇ ਹੱਥ
' ਮਹਿਰਮ ' ਮੈਥੋਂ ਦੂਰ ਨਾ ਜਾਵੀਂ , ਹੁਣ ਤੂੰ ਕਦੇ ਛੁਡਾ ਕੇ ਹੱਥ

.................................Jaswinder Mehram--------------

Saturday, February 28, 2009

WINNER POEM MARCH. 2009

ਰਿਸ਼ਤੇ

ਰਿਸ਼ਤਿਆਂ ਦੀ ਮੇਜ਼ਬਾਨੀ ਰਹਿਣਦੇ
ਦਿਲਰੂਬਾ, ਦਿਲਦਾਰ, ਜਾਨੀ ਰਹਿਣਦੇ


ਕਰਾ ਦੇਵੇ ਕਤ੍ਲ ਜੋ ਰਿਸ਼ਤੇ ਖੂਨ ਦੇ
ਐਸੀ ਜਰ , ਜੋਰੂ , ਜਵਾਨੀ ਰਹਿਣਦੇ


ਵੋਟ ਪਾ ਕੇ ਦਹਿਸ਼ਤਾਂ ਨੂ ਦੋਸਤਾ
ਗੁੰਡਿਆਂ ਤੇ ਆਨਾ- ਕਾਨੀ ਰਹਿਣਦੇ


ਉਮਰ ਭਰ ਦਾ ਸਾਥ ਜੇ ਮੰਜ਼ੂਰ ਨਾ
ਝਾੰਝਰਾਂ ,ਛਲੇ ਤੇ ਗਾਨੀ ਰਹਿਣਦੇ


ਉਠ ਦੇ ਮੂੰਹ ਵਿਚ ਜੀਰਾ ਕਿਓਂ ਦੇਵੇ
ਸਾਂਭ ਰਖ ਆਪਣੀ ਦੁਆਨੀ ਰਹਿਣਦੇ


ਦੋਸਤੀ ਪਰਦੇਸੀਆਂ ਦੀ ਭੁੱਲ ਵੀ ਜਾ
ਛੱਡ 'ਮਾਨਾ' ਸ਼ੈ ਬੇਗਾਨੀ ਰਹਿਣਦੇ..

...............Gurpreet Maan(25/2/09)..........

Tuesday, February 3, 2009

WINNER POEM FEB, 2009

ਹੁਸਨ ਇਸ਼ਕ ਦੀਆਂ ਬਾਤਾਂ ਪਾਓਂਦੀ,
ਅੱਲੜ-ਪੁਣੇ ਦੀ ਕਹਾਣੀ ਝਾੰਜਰ..

ਸੁਹਾਗਨ ਲਈ ਹੈ ਸ਼੍ਗਨ ਸੁਨੇਹਾ,
ਕੁਵਾਰੇ-ਸ਼ਰਮ ਦੀ ਨਿਸ਼ਾਨੀ ਝਾਂਜਰ..

ਵਸਲ ਸਮੇ ਬਣ ਖੁਸ਼ੀਆ ਛਣਕੇ,
ਹਿਜ਼ਰ ਸਤਾਵੇ ਮਰਜਾਣੀ ਝਾਂਜਰ..

ਗਹਿਣਾ ਖੁਸ਼ੀ ਦਾ ਪੈਰੀਂ ਫਭਦਾ,
ਕੋਈ ਰੀਤ ਦਰਸਾਵੇ ਪੁਰਾਣੀ ਝਾਂਜਰ..

ਅਸ਼ਿਕ ਦਿਲ ਦਾ ਰਾਜ ਝਲਕਾਓਂਦੀ,
ਗੀਤਾਂ,ਕਿੱਸਿਆਂ ਦੀ ਰਾਣੀ ਝਾਂਜਰ ...

ਜੇ ਦੁਖ-ਸੁਖ ਇਕਮਿੱਕ ਸਾਹੀ ਪਰੋਵਾਂ
ਤਾ ਬਣ ਜਾਵੇ ਜਿੰਦਗਾਨੀ ਝਾਂਜਰ...

...........ਇੰਦਰਜੀਤ ਕੋਰ.......