Sunday, May 31, 2009

WINNER POEM JUNE 2009

ਇੱਕ ਰੁਬਾਈ ਅਨ-ਕਹੀ ਜਾਂ ਅਧ-ਲਿਖੀ ਤਹਿਰੀਰ ਹਾਂ
ਨੈਣੀਂ ਲਰਜ਼ਦਾ ਨੀਰ ਹਾਂ, ਸਿਰਫ ਇੱਕ ਤਸਵੀਰ ਹਾਂ

ਭਾਵ ਸਾਰੇ ਖੁਸ ਗਏ, ਤੇ ਰੰਗ ਮੈਥੋਂ ਰੁੱਸ ਗਏ
ਢਾਂਚੇ ਦੀ ਇਕ ਅਸੀਰ ਹਾਂ, ਸਿਰਫ ਇੱਕ ਤਸਵੀਰ ਹਾਂ

ਕਾਇਨਾਤ ਜਿਵੇਂ ਰੁਕ ਗਈ ਤੇ ਉਮਰ ਮੇਰੀ ਮੁੱਕ ਗਈ
ਮਾਜ਼ੀ ਦੀ ਇੱਕ ਲਕੀਰ ਹਾਂ, ਸਿਰਫ ਇੱਕ ਤਸਵੀਰ ਹਾਂ

ਜ਼ਿੰਦਗੀ ਜਿਵੇਂ ਖੜ ਗਈ, ਸ਼ੀਸ਼ੇ ਚ ਜਦ ਦੀ ਜੜ ਗਈ
ਸੋਚਾਂ ਦੀ ਬਸ ਜਾਗੀਰ ਹਾਂ, ਸਿਰਫ ਇੱਕ ਤਸਵੀਰ ਹਾਂ

ਮਹਿਫਿਲਾਂ ਵੀਰਾਨ ਨੇ ਤੇ ਘਰ ਮੇਰੇ ਸੁਂਞਸਾਨ ਨੇ
ਕਹਿਣ ਨੂੰ ਬੇ-ਨਜ਼ੀਰ ਹਾਂ, ਸਿਰਫ ਇੱਕ ਤਸਵੀਰ ਹਾਂ

ਰੇਣੂ-

Friday, May 1, 2009

WINNER POEM MAY 2009

ਨੈਣਾਂ ਵਿਚੋਂ ਵਗਦਾ ਹੰਜੂ, ਮੇਰੇ ਸਾਹਵੇਂ ਆ ਖਲੋਇਆ
ਪੁੱਛਦਾ ਨੈਣਾਂ ਦੀ ਵਣਜਾਂ ਚੋਂ, ਕੀ ਪਾਇਆ ਤੇ ਕੀ ਤੂੰ ਖੋਇਆ

ਨੈਣਾਂ ਦੇ ਨੇ ਵਣਜ ਕਸੂਤੇ, ਲੁੱਟ ਜੇ ਬੰਦਾ ਸੁੱਤੇ ਸੁੱਤੇ
ਜਾਂ ਤਾਂ ਨੈਣੀਂ ਨਿੰਦਰ ਨਾਹੀਂ, ਜਾਂ ਨਿੰਦਾਂ ਚੋਂ ਖਾਬ ਵੀ ਮੋਇਆ

ਨੈਣਾਂ ਦੇ ਇਹ ਵਣਜ ਨਿਰਾਲੇ, ਜੋ ਵੀ ਪਿਆਰ ਨੂੰ ਦਿਲ ਵਿੱਚ ਪਾਲੇ
ਦਿਨੇ ਤਪੇ ਉਹ ਸੂਰਜ ਵਾਂਗੂ, ਰਾਤੀਂ ਤਾਰਿਆਂ ਦੇ ਨਾਲ ਰੋਇਆ

ਨੈਣਾਂ ਦੇ ਇਹ ਵਣਜ ਅਨੋਖੇ, ਪੀੜਾਂ ਡਾਹਡੀਆਂ ਦੁਖ ਵੀ ਚੋਖ਼ੇ
ਇਹਨਾਂ ਸਮੁੰਦਰਾਂ ਵਿਚੋ ਤਰ ਕੇ, ਅੱਜ ਤਾਈਂ ਕੋਈ ਪਾਰ ਨਾ ਹੋਇਆ

ਨੈਣਾਂ ਦੇ ਇਹ ਖੇਡ ਅਜੀਬ, ਅਖੋਂ ਦੂਰ ਜੋ ਦਿਲੋਂ ਕਰੀਬ
ਨੈਣਾਂ ਥਾਨੀ ਦਿਲ 'ਚ ਉਤਰਿਆ, ਹੰਜੂ ਬਣ ਉਹ ਵਾਪਿਸ ਹੋਇਆ

ਮੈਂ ਫਿਰ ਉਸਨੂੰ ਕਿਹਾ ਚੰਦਰਿਆ, ਰੋਜ ਇੰਜ ਤੂੰ ਆਇਆ ਨਾ ਕਰ
ਆਪਣੇ ਨੈਣਾਂ ਨੂੰ ਸੁੰਞੇ ਕਰ, ਜਾ ਪਲਕਾਂ ਦਾ ਬੂਹਾ ਢੋਇਆ
.....ਰੇਣੂ-