Friday, December 31, 2010

Writing Contest JAN. 2011

ਵਿਸ਼ਾ :- "ਨਵਾਂ ਸਾਲ"

ਹੈ ਸਾਲ ਨਵਾਂ ਆਇਆ , ਖਿੜਨਾ ਵੀ ਲਾਜ਼ਮੀ ਹੈ
ਖੂਹ ਬਣ ਕੇ ਪਹਿਲਾਂ ਵਾਂਗਰ, ਗਿੜਨਾ ਵੀ ਲਾਜ਼ਮੀ ਹੈ

ਸਭ ਪਾਸੇ ਹੋਵੇ ਚਾਨਣ, ਹਰ ਖੁਸ਼ੀ ਲੋਕ ਮਾਨਣ
ਸਾਂਝਾਂ ਤੇ ਪਿਆਰਾਂ ਦਾ ਵੀ, ਇਹਸਾਸ ਲੋਕ ਜਾਨਣ
ਆਵੇ ਜੇ ਆਨ ਉੱਤੇ, ਖੇਡ ਜਾਣਾ ਜਾਨ ਉੱਤੇ
ਹਾਕਮ ਹਕੂਮਤਾਂ ਨਾ' , ਭਿੜਨਾ ਵੀ ਲਾਜ਼ਮੀ ਹੈ

ਚਾਨਣ ਦੇ ਦੂਤ ਬਣਨਾ,ਪੁਤਰੋ ਸਪੂਤ ਬਣਨਾ
ਬੋਲੀ ਦੇ ਪਰਚਮਾਂ ਦੇ ,ਪੱਕੇ ਸਬੂਤ ਬਣਨਾ
ਬਿਰਤੀ ਦੀ ਗਲ ਵੀ ਕਰਨਾ, ਕਿਰਤੀ ਦੀ ਗਲ ਵੀ ਕਰਨਾ
ਪਥਰਾਂ ਦਾ ਸ਼ੀਸ਼ਾ ਬਣ ਕੇ , ਤਿੜਨਾ ਵੀ ਲਾਜ਼ਮੀ ਹੈ

ਹੈ ਸਾਲ ਨਵਾਂ ਆਇਆ , ਖਿੜਨਾ ਵੀ ਲਾਜ਼ਮੀ ਹੈ
ਖੂਹ ਬਣ ਕੇ ਪਹਿਲਾਂ ਵਾਂਗਰ, ਗਿੜਨਾ ਵੀ ਲਾਜ਼ਮੀ ਹੈ

................ਗੁਰਪ੍ਰੀਤ ਮਾਨ (੨੯/੧੨/੨੦੧੦)

Friday, December 3, 2010

Writing Contest DECEMBER, 2010

ਵਿਸ਼ਾ :- "ਮੌਸਮ "

ਇਕਨਾ ਮੌਸਮ ਭੋਲਾ ਭਾਲਾ,
ਇਕਨਾ ਮੌਸਮ ਕਿਰਤੀ ਵਾਲਾ |

ਇਕਨਾ ਮੌਸਮ ਜੋਸ਼ ਜਵਾਨੀ,
ਇਕਨਾ ਮੌਸਮ ਉਮਰ ਸਿਆਣੀ |

ਇਕਨਾ ਮੌਸਮ ਹੁਸਨਾ-ਰਾਣੀ ,
ਇਕਨਾ ਮੌਸਮ ਦਰਦ ਕਹਾਣੀ|

ਇਕਨਾ ਮੌਸਮ ਖੁਸ਼ੀਆਂ ਖੇੜੇ,
ਇਕਨਾ ਮੌਸਮ ਝਗੜੇ ਝੇੜੇ|

ਇਕਨਾ ਮੌਸਮ ਹਿਜਰ-ਮਿਲਾਪ,
ਇਕਨਾ ਮੌਸਮ ਸੁੱਖ-ਸੰਤਾਪ |

ਜੀਵਣ ਮੌਸਮ ਰੰਗ ਬਿਰੰਗਾ,
ਇਕਨਾ ਮਾੜਾ, ਇਕਨਾ ਚੰਗਾ |

ਇੰਦਰਜੀਤ ਕੋਰ ,
Nov 28, 2010

Writing Contest NOVEMBER, 2010

ਵਿਸ਼ਾ :- " ਦਿਵਾਲੀ "

TITLE : ਦੀਵਿਆ ਦਿਵਾਲੀ ਦਿਆ

ਕਰ ਹਨੇਰਾ ਦੂਰ ਵੇ ਦੀਵਿਆ ਦਿਵਾਲੀ ਦਿਆ
ਕਰ ਚੁਫੇ਼ਰੇ ਨੂਰ ਵੇ ਦੀਵਿਆ ਦਿਵਾਲੀ ਦਿਆ

ਸੋਚ ਨਾ,ਸਵਾਲ ਨਹੀਂ ਸੂਰਜ ਦੇ ਤੇਜ ਦਾ,
ਓਹਦਾ ਚਾਨਣ ਦੂਰ ਵੇ ਦੀਵਿਆ ਦਿਵਾਲੀ ਦਿਆ

ਆਂਦਰਾਂ ਦੀ ਬੱਤੀ ਵਿਚ ਤੇਲ ਕੋਸੇ ਹੰਝੂਆਂ ਦਾ,
ਤੇਰੇ ਨਾਲ ਜਲਣਾ ਜਰੂਰ ਵੇ ਦੀਵਿਆ ਦਿਵਾਲੀ ਦਿਆ

ਆਪਣੀ ਹੀ ਅੱਗ ਵਿਚ ਖੁਦ ਮਚ ਜਾਣਾ
ਇਹੀ ਹੈ ਦਸਤੂਰ ਵੇ ਦੀਵਿਆ ਦਿਵਾਲੀ ਦਿਆ

ਖੁਦ ਲਈ ਜੀਣਾ ਵੀ ਏ ਦੱਸ ਕਾਹਦਾ ਜੀਣਾ
ਮੌਤ ਹੀ ਮਨਜੂਰ ਵੇ ਦੀਵਿਆ ਦਿਵਾਲੀ ਦਿਆ

ਰਵਿੰਦਰ ਜਹਾਂਗੀਰ
29/10/2010

Sunday, October 3, 2010

Writing Contest October, 2010

ਵਿਸ਼ਾ :- "ਦਾਅਵੇਦਾਰ "

ਵੱਡੇ ਦਾਵੇ ਕਰਦਾ ਸੀ ਮੈ,
"ਮੈ,ਮੇਰੀ"ਲਈ ਲੜਦਾ ਸੀ ਮੈ|
ਅਂਬਰਾ ਨੂ ਸੀ ਛੂਣਾ ਚਾਹੁਦਾ,
ਸ਼ੌਹਰਤ ਲਈ ਨਿਤ ਮਰਦਾ ਸੀ ਮੈ|
ਐ ਮੇਰਾ ਤੇ ਔਹ ਵੀ ਮੇਰਾ,
ਹਰ ਸ਼ੈ ਤੇ ਸੀ ਦਾਵੇਦਾਰੀ|
ਮੋਹ ਮਾਇਆ ਦੀ ਭੁਖ ਮੁਕੀ ਨਾ,
ਪਾਪਾਂ ਦੀ ਪਂਡ ਕਰ ਲਈ ਭਾਰੀ|
ਅਂਤ ਵੇਲਾ ਜਦ ਕੋਲ ਸੀ ਆਇਆ,
ਸੁਤਾ ਸੀ ਯਮ ਆਣ ਹਿਲਾਇਆ|
ਝੂਠੇ ਵਾਦੇ,ਝੂਠਾ ਦਾਵੇਦਾਰ,ਤੇ ਝੂਠੀਆ ਸੀ ਦਾਵੇਦਾਰਿਆ,
ਸਭ ਪਿਛੇ ਛਡ ਖਾਲੀ ਹਥ ਜਾਣਾ ਏ"sanjeev" ਕਰ ਤਿਆਰੀਆ|

....sanjeev.....

Writing Contest SEP. 2010

ਵਿਸ਼ਾ : ਜੋਗੀ

ਤਨੀਂ ਰਾਖ ਮਲ਼ ਲਈ ,ਐਬ ਛੁਪੇ ਨਾਹੀਂ
ਅੰਦਰ ਤੀਬਰ ਵੈਰਾਗ ਵੀ ਜਾਗਿਆ ਨਾ
ਮੰਨੀ ਗੁਰੂ ਦੀ ਨਾ,ਭੇਸ ਕਈ ਧਾਰੇ
ਤਾਹੀਉਂ ਮਿਲਿਆ ਵੀ ਰੱਬ ਅਭਾਗਿਆ ਨਾ

ਨਾਲੇ ਕੰਨ ਪਾੜੇ ,ਨਾਲੇ ਮੰਗ ਖਾਧਾ
ਕੰਮ ਆਏ ਨਾ ਕਿਸੇ ,ਇਹ ਡੰਮ ਲਾਉਣੇ
ਮੰਜ਼ਿਲ ਜੋਗ ਦੀ ਦੂਰ ਹੈ ਡਾਹਡੜੀ ਹੀ
ਬਾਝ ਮੁਰਸ਼ਦਾਂ ਰਾਹ ਨਹੀਂ ਹੱਥ ਆਉਣੇ

ਮਾਨਾ ਫੜ ਪੱਲਾ ਕਾਮਲ ਮੁਰਸ਼ਦੇ ਦਾ
ਰਾਹ ਭੁਲਿਆ ਤਾਂਹੀ ਰਾਹ ਪੈਂਵਦਾ ਈ
ਜਪ,ਤਪ, ਸੰਜਮ, ਇਹ ਗੁਣ ਤਿੰਨੇ
ਜੋਗੀ ਹੋਵਣੇ ਨੂੰ ਜੋੜੀਂ ਕਹਿਂਵਦਾ ਈ

................................ਗੁਰਪ੍ਰੀਤ ਮਾਨ (੨੯/੮/੨੦੧੦)

Writing Contest AUGUST. 2010

ਵਿਸ਼ਾ :- computer

ਕਾਸ਼ ਇਹ ਦੁਨੀਆ computer ਹੁੰਦੀ,,,
ਜਿਸ ਵਿੱਚ do ਨੂੰ ਮੈਂ undo ਕਰਦੀ....

ਸੁੱਖ ਦੇ ਪਲ ਸਭ save ਹੋ ਜਾਂਦੇ,,
ਦੁੱਖਾਂ ਨੂੰ ਮੈਂ delete ਹੀ ਕਰਦੀ...

ਖੁਆਇਸ਼ਾਂ ਦੀ ਹੁੰਦੀ ਕੋਈ file ,,,
ਜਿਸ ਵਿੱਚ cut ਤੇ copy ਕਰਦੀ.....

ਖੁਸ਼ੀਆਂ ਦੀ ਮਨਚਾਹੀ window,,
ਜਦ ਚਾਹਾਂ ਮੈਂ open ਕਰਦੀ...

ਜਦ ਵੀ ਦੁਖਾਂ ਦਾ ਪੈਂਦਾ virus,,
"ਪਰੀਤ" ਦੁਨੀਆ ਨੂੰ reformat ਕਰਦੀ...

....ਪਰੀਤ ਸੈਣੀ.....

Friday, July 2, 2010

Writing Contest JULY 2010

ਵਿਸ਼ਾ :- "ਤਰੱਕੀ "

ਬੇਪਨਾਹ ਹੈ ਦੁੱਖ,
ਬੇਘਰ ਕਈ ਮਨੁੱਖ |

ਬੇਅਰਥ ਹਰ ਸੋਚ,
ਬੇਗੈਰਤ ਹਰ ਲੋਚ|

ਬੇਰੰਗ ਰੰਗੀਨੀਅਤ,
ਬਦਨਾਮ ਮਸ਼ਹੂਰੀਅਤ |

ਬੇਜ਼ਾਰ ਹਰ ਰਿਸ਼ਤਾ,
ਬਜਾਰ ਵਿੱਚ ਵਿਕਦਾ |

ਬੇਖੁਦਾ ਹੈ ਖੁਦਾਈ,
ਗੁੰਮਨਾਮ ਹੈ ਭਲਾਈ |

ਬੇਖਬਰ ਹਰ ਕੋਈ,
ਤਰੱਕੀ ਕਿਥੇ ਹੋਈ ?

ਇੰਦਰਜੀਤ ਕੋਰ

Monday, May 31, 2010

Writing Contest JUNE 2010

ਵਿਸ਼ਾ :- "ਰੁੱਤ "

ਰੁੱਤ ਉਡੀਕਾਂ ਵਾਲੀ ਸੱਜਣਾ,ਰਾਹੀਂ ਦੀਵੇ ਬਾਲੇ
ਅੱਖੀਆਂ ਵਿੱਚ ਉਨੀਂਦਰ ਰੜਕੇ,ਰੋ-ਰੋ ਦੀਦੇ ਗਾਲੇ

ਵਸਲ ਦੀ ਰੁੱਤੇ ਦਿਲ ਦੇ ਬਾਗੀਂ,ਖਿੜੇ ਜਦੋਂ ਫੁੱਲ ਸਾਰੇ
ਹਿਜਰ ਦੀ ਪਤਝੜ ਦਿਨੇ-ਦਿਹਾੜੇ,ਆ ਕੇ ਡਾਕੇ ਮਾਰੇ

ਯਾਦ ਤੇਰੀ ਦੀ ਰੁੱਤੇ ਆ ਕੇ,ਪੀਂਘਾ ਝੂਟਣ ਪੀੜਾਂ
ਰੇਤ ਦੇ ਉੱਤੇ ਨਕਸ਼ ਬਣਾ ਕੇ,ਨਿੱਤ ਮੈਂ ਤੇਰੇ ਸੀੜਾਂ

ਹੰਝੂਆਂ ਦੀ ਰੁੱਤ ਰੁਕੇ ਨਾ ਪਾਣੀ,ਬੰਨ ਪਲਕਾਂ ਦੇ ਮਾਰੇ,
ਤੇਜ਼ ਵਹਾ ਵਿੱਚ ਰੁੜਦੇ ਜਾਵਣ,ਸੁੱਚੇ ਮੋਤੀ ਖਾਰੇ

ਹਾਸਿਆਂ ਦੀ ਰੁੱਤ ਰੁੱਸੀ ਸਾਥੋਂ,ਚੁਪਕੇ ਜਿਹੇ ਲੰਘ ਜਾਵੇ,
ਕੱਢਣ ਜਾਵੇ ਪੈੜ ਖਾਮੋਸ਼ੀ,ਖਾਲੀ ਹੱਥ ਮੁੜ ਆਵੇ

ਦੀਦ ਤੇਰੀ ਦੀ ਰੁੱਤ ਨਾ ਆਈ,ਸੁੱਖੇ ਮੰਨ ਬਥੇਰੇ
ਰਿਸਣ ਬਿਆਈਆਂ ਪੈਰੀਂ ਵੇ ਹੁਣ,ਰਹੀ ਨਾ ਵਸ ਦੀ ਮੇਰੇ।

ਹਰਮਨ ੨੯-੦੫-੨੦੧੦

Saturday, May 1, 2010

Writing Contest May 2010

ਸਰਹੱਦ
.

ਕੋਈ ਐਸੀ ਜੁਗਤ ਬਣਾਈਏ ਇਹ ਤਾਲੇ ਦਈਏ ਖੋਲ
ਇੱਕ-ਮਿਕ ਹੋ ਕੇ ਫੇਰ ਤੋਂ,ਅਸੀਂ ਸਾਂਝੇ ਕਰੀਏ ਬੋਲ

ਬਾਗ ਲਗਈਏ ਮੋਹ ਦੇ ਤੇ ਵਾਹੀਏ ਪਿਆਰ ਦੇ ਖੇਤ
ਲੋਹ-ਤਾਰਾਂ ਨੂੰ ਪੁੱਟ ਕੇ ਅਸੀਂ ਦੇਈਏ ਇਹ ਵਿਥ ਮੇਟ
ਪਿੱਪਲ ਬੋਹੜ ਲਗਈਏ ਜਿਥੇ ਪੰਛੀ ਕਰਨ ਕਲੋਲ,ਇੱਕ-ਮਿਕ ਹੋ ਕੇ...

ਰਲ-ਮਿਲ ਈਦ ਮਨਾਈਏ ਤੇ ਮੰਗੀਏ ਸਭ ਦੀ ਖੈਰ
ਗਲ ਲੱਗੀਏ ਦਿਵਾਲੀ ਨੂੰ, ਅਸੀਂ ਭੁੱਲ ਕੇ ਸਾਰੇ ਵੈਰ
ਹੋਲੀ ਵਾਲੇ ਰੰਗ ਵੀ, ਸਭ ਉੱਤੇ ਦਈਏ ਡੋਲ, ਇੱਕ-ਮਿਕ ਹੋ ਕੇ...

ਪਾਣੀ ਪੰਜ ਦਰਿਆਵਾਂ ਦਾ ਹੈ ਕਿਹੜੀ ਹੱਦ ਵਿੱਚ ਬੰਨਣਾ
ਅੰਬਰ , ਤਾਰੇ, ਪੌਣ ਨੇ ਕਿਹੜੀ ਸਰਹੱਦ ਨੂੰ ਮੰਨਣਾ
ਆਓ ਰਲ-ਮਿਲ ਸਾਂਭੀਏ , ਇਹ ਕਾਇਨਾਤ ਅਨਮੋਲ, ਇੱਕ-ਮਿਕ ਹੋ ਕੇ...

-ਰੇਨੂੰ-

Thursday, April 1, 2010

WINNER POEM APRIL 2010

ਵਿਸ਼ਾ "ਹਾਸ-ਰਸ"

'ਮੰਗਲਵਾਰ' ਦੀ ਸੁਬਹ ਸਵੇਰੇ ਦਰਵਾਜੇ ਤੇ ਵੱਜੀ ਟੱਲੀ,
ਵੱਡੇ ਢਿੱਡ ਵਾਲਾ ਇੱਕ ਬਾਬਾ ਖੜਾ ਸੀ ਸਾਡੀ ਦੇਹਲੀ ਮੱਲੀਂ...

'ਹਨੂੰਮਾਨ' ਦਾ ਦਿਨ ਹੈ ਭਗਤਾ ਭਰਕੇ ਆਟਾ ਪਾ ਦੇ ੳਏ,
'ਰਾਹੂ ਕੇਤੂ' ਚੜਿਆ ਜਿਹੜਾ ਆਪਣੇ ਹੱਥੀਂ ਲਾਹ ਦੇ ੳਏ...

ਮੈਂ ਕਿਹਾ ਕੱਲ 'ਬੁੱਧਵਾਰ' ਹੈ ਬਾਬਾ ਫੇਰ ਦੁਬਾਰਾ ਆਵੇਂਗਾ,
'ਮਹਾਤਮਾ ਬੁੱਧ' ਦੇ ਮੋਢੇ ਉੱਤੇ ਰੱਖ ਕੇ ਬੰਦੂਕ ਚਲਾਵੇਂਗਾ...

ਪਰਸੋਂ ਕਿਹੜਾ ਦੂਰ ਹੈ ਸਾਧਾ 'ਵੀਰਵਾਰ' ਜਦ ਚੜਨਾ ਏ,
'ਮਹਾਂਵੀਰ' ਦੀ ੳਟ ਲੈਕੇ ਤੂੰ ਫਿਰ ਬੂਹੇ ਆ ਖੜਨਾ ਏ...

'ਸ਼ੁੱਕਰਵਾਰ' ਦੀ ਛੁੱਟੀ ਕਰਕੇ ਘਰ ਵਿੱਚ ਸੌਦੇ ਢੋਵੇਂਗਾ,
'ਸ਼ਨੀਵਾਰ' ਨੂੰ 'ਸ਼ਨੀ ਦੇਵ' ਨਾਲ ਫਿਰ ਤੋਂ ਹਾਜ਼ਿਰ ਹੋਵੇਂਗਾ...

'ਵੀਕਐਂਡ' ਨੂੰ ਠੇਕੇ ਉੱਤੇ ਅਕਸਰ ਵੇਖਿਆ ਉਹ ਜਾਂਦਾ,
'ਮੰਗਲਵਾਰ' ਨੂੰ ਫਿਰ ਤੋਂ ਬਾਬਾ 'ਬੈਕ ਟੂ ਬਿਜਨਸ' ਹੋ ਜਾਂਦਾ....

..............................................ਖੁਸ਼ਹਾਲ ਸਿੰਘ ੨੯ ਮਾਰਚ ੨੦੧੦ '

Wednesday, March 3, 2010

Writing Contest March 2010

ਵਿਸ਼ਾ :- "ਰੰਗ "

ਬੈਠ ਕੇ ਕੱਲਾ ਜਦ ਵੀ ਜਿੰਦ ਦੇ ਰੰਗਾਂ ਬਾਰੇ ਸੋਚਾਂ
ਵਕਤ ਦੇ ਕੈਨਵਸ ਉੱਤੇ ਮੁੜ ਮੈਂ ਫੇਰਾ ਪਾਉਂਣਾ ਲੋਚਾਂ

ਪਹਿਲਾ ਰੰਗ ਸੀ ਬਚਪਨ ਵਾਲਾ ਨਾਲ ਸਦਾ ਜੋ ਰਹਿਣਾਂ
ਦੌੜ ਸੀ ਮਾਂ ਦੀ ਗੋਦੀ ਤਾਂਈਂ ਜਾ ਬੁੱਕਲ ਵਿੱਚ ਬਹਿਣਾਂ

ਦੂਜਾ ਰੰਗ ਜਵਾਨੀ ਵਾਲਾ ਜਦੋਂ ਬਰੂਹੀਂ ਆਇਆ
ਅੱਖੀਆਂ ਵਿੱਚੋਂ ਨੀਂਦ ਚੁਰਾਈ ਸਾਰੀ ਰਾਤ ਜਗਾਇਆ

ਤੀਜਾ ਰੰਗ ਬੁਢਾਪੇ ਵਾਲਾ ਜਦ ਹੱਡਾਂ ਨੂੰ ਆਇਆ
ਝੁਕੀ ਕਮਰ ਨਾ ਤੁਰਦੇ ਗੋਡੇ ਡੰਡਾ ਹੱਥ ਫੜਾਇਆ

ਇੱਕੋ ਹੀ ਰੰਗ ਬਾਕੀ ਹੁਣ ਤਾਂ ਜਿਸ ਦਿਨ ਵੀ ਉਹ ਆਉਣਾਂ
ਲੈ ਕੇ ਚਾਰ ਸਹਾਰੇ ਆਪਾ ਉਸਦੇ ਵਿੱਚ ਮਿਲਾਉਣਾਂ

:-ਹਰਮਨ

Monday, February 1, 2010

Writing Contest FEB 2010


ਵਿਸ਼ਾ :- " ਹੰਝੂ "
ਸਮੇਂ ਦੀ ਵਹਿੰਦੀ ਧਾਰ ਦਾ ਅੰਦਾਜ਼ ਸਮਝਣਾ
ਹੰਝੂਆਂ ਨੂੰ ਆਪਣੀ ਖੁਸ਼ੀ ਦਾ ਆਗਾਜ਼ ਸਮਝਣਾ

ਆਸ ਤੇ ਨਿਰਾਸਤਾ ਦੀ ਲੁਕਣ -ਮਿਚਾਈ ਹੈ
ਇਕ ਰੋਸ਼ਨੀ ਦੀ ਕਿਰਣ ਵੀ ਉਸਨੇ ਵਿਖਾਈ ਹੈ
ਹੈ ਗਮ ਦੇ ਵਿੱਚ ਖੁਸ਼ੀ ਦਾ ਕੋਈ ਰਾਜ਼ ਸਮਝਣਾ
ਹੰਝੂਆਂ ਨੂੰ ਆਪਣੀ ਖੁਸ਼ੀ ਦਾ ਆਗਾਜ਼ ਸਮਝਣਾ

ਹਨੇਰੀਆਂ ਦਾ ਸ਼ੋਰ ਜੋ ਚਾਰੋ-ਚੁਫੇਰੇ ਹੈ
ਕਾਵਾਂ ਤੋਂ ਵਾਂਝੇ ਇਹ ਜੋ ਘਰ ਦੇ ਬਨੇਰੇ ਹੈ
ਇਸ ਚੁੱਪ ਦੇ ਵਿਚ ਬੋਲਦੇ ਅਲਫਾਜ਼ ਸਮਝਣਾ
ਹੰਝੂਆਂ ਨੂੰ ਆਪਣੀ ਖੁਸ਼ੀ ਦਾ ਆਗਾਜ਼ ਸਮਝਣਾ

-ਰੇਨੂੰ-

Friday, January 8, 2010

Writing Contest Jan 2010

ਵਿਸ਼ਾ :- " ਸੁਨੇਹਾ "
ਫੁੱਲਾਂ ਦੇ ਕੋਲ ਪਹੁੰਚੇ ਗੁਲਜ਼ਾਰ ਦਾ ਸੁਨੇਹਾ
ਬਾਗਾਂ ਚ ਪੜ੍ਹਿਆ ਜਾਵੇ ਬਹਾਰ ਦਾ ਸੁਨੇਹਾ

ਯਾ ਨਵਾਂ ਸਾਲ ਹੋਵੇ ,ਯਾ ਜਨਮਦਿਨ ਮੁਬਾਰਕ
ਆਉਂਦਾ ਹੈ ਸਾਲ ਪਿਛੋਂ ਇਕ ਯਾਰ ਦਾ ਸੁਨੇਹਾ

ਚੋਰੀ , ਡਕੈਤੀ, ਲੁਟ-ਖੋਹ ਤੇ ਮਰਗ ਹੀ ਸ਼ਾਮਿਲ ਹੈ
ਕਰ ਰਹਿਮ ਕਿਧਰੇ ਗੁੰਮ ਹੈ ,ਅਖਬਾਰ ਦਾ ਸੁਨੇਹਾ"

ਅੱਜ ਸ਼ਾਮ ਦੇ ਘਰ ਲੋਹੜੀ ਤੂੰ ਸੇਵੀਆਂ ਲੈ ਆਵੀਂ "
ਮਹਿਮੂਦ ਘਰ ਸੀ ਆਇਆ , ਕਰਤਾਰ ਦਾ ਸੁਨੇਹਾ

ਪੁਛਿਆ ਜ਼ਮੀਰ ਕੋਲੋਂ ,ਝੁਕਣਾ ਏ ਯਾ ਕਟਣਾ ਹੈ
ਪੱਥਰ ਤੇ ਲੀਕ ਉਕਰੀ ,ਖ਼ੁਦਾਰ ਦਾ ਸੁਨੇਹਾ

ਯਾ ਸ਼ਬਦ ਹੀ ਨਹੀਂ ਮਿਲਦੇ , ਯਾ ਮੁਕ ਜਾਣ ਕਾਗਤ
ਮਾਨਾਂ ਜਦੋਂ ਵੀ ਲਿਖਿਆ , ਏ ਪਿਆਰ ਦਾ ਸੁਨੇਹਾ
ਗੁਰਪ੍ਰੀਤ ਮਾਨ